Sunday, December 31, 2006

ਬਾਜ਼ ਦੀ ਆਮਦ

ਪ੍ਰਭਸ਼ਰਨਬੀਰ ਸਿੰਘ

ਇੱਕ ਬਾਜ਼ ਬੇਆਵਾਜ਼ ਆਉਂਦਾ
ਜ਼ਮੀਰ ਦੇ ਸੁੰਨ ਖਲਾਵਾਂ ਅੰਦਰ
ਅਣਖ਼ ਦੇ ਤੂਫ਼ਾਨ ਜਗਾਉਂਦਾ
ਯਾਦ ਕਰਾਉਂਦਾ
ਕਲਗ਼ੀਧਰ ਨਾਲ ਕੀਤੇ
ਕੌਲ ਕਰਾਰਾਂ ਦੀ
ਤੇ ਖ਼ਾਲਸਾ ਰੋਂਦਾ
ਰੋਂਦਾ ਆਪਣੀ ਬੇਵਫ਼ਾਈ ਉੱਤੇ
ਉਸਦੇ ਹੰਝੂਆਂ ‘ਚੋਂ
ਉਜਾਗਰ ਹੁੰਦੀ
ਨਿਹੁਹੁੰ
ਪਹੁ ਫੁੱਟਦੀ
ਕਲਗ਼ੀਧਰ ਦੇ ਪ੍ਰੇਮ ਦੀ

ਸੋਹਣਾ ਬਾਜ਼ ਲਿਆਉਂਦਾ
ਅਗਨ ਜਿਹੀ ਸ਼ਮਸ਼ੀਰ ਕੋਈ
ਜਿਹੜੀ ਤ੍ਰਿਪਤ ਕਰਦੀ
ਸੀਤਲ ਅੰੰ੍ਰਿਤ ਬਰਸਾਉਂਦੀ
ਮਨਮੁਖ ਲੋਭੀ ਨਾਗ਼ਾਂ ‘ਤੇ

ਨੂਰੀ ਤੇਗ਼ ਦੀ ਲਿਸ਼ਕ
ਖ਼ਾਲਸੇ ਦੀ ਅਣਖ਼ ਨੂੰ ਜਗਾਉਂਦੀ
ਝੁੱਲਦਾ ਕਹਿਰ ਦਾ ਤੂਫ਼ਾਨ ਕੋਈ
ਤੇ ਹੰਝੂਆ ਜਾਂਦਾ
ਹਨੇਰੇ ਦਾ ਧੁੰਦ ਗੁਬਾਰ।

ਨਿਰਮਲ ਪ੍ਰੇਮ ਦੀ ਫ਼ਜਰ ਹੁੰਦੀ
ਤੇ ਸੀਤਲ ਅੰਮ੍ਰਿਤ ਦੀ ਬਰਸਾਤ
ਸ਼ਬਦ ਉਗਮਦਾ
ਖ਼ਾਲਸਾ ਸਨਮੁੱਖ ਹੁੰਦਾ
ਅਕਾਲ ਪੁਰਖ ਸੱਚੜੇ ਦੇ।

ਮੇਰਾ ਜੀਅੜਾ ਲੋਭੀ ਕੂਕਦਾ
ਮੈਂ ਮਨਮੁੱਖ ਦੁਸਟ ਹਤਿਆਰਾ
ਤੈਨੂੰ ਹਉਂ ਆ ਵਿਸਾਰ ਕੇ
ਮੈਂ ਹੋਇਆ ਅੱਤ ਖ਼ੁਆਰ ਵੇ
ਮੈਂਨੂੰ ਬਖ਼ਸ਼ ਪਿਤਾਮਾ ਸੋਹਣਿਆਂ
ਪਾਣੀ ਤੇਗ਼ ਦੀ ਧਾਰ ਦੇ।

ਮੇਰੇ ਖ਼ੂਨ ਅੰਦਰ ਉਬਲਦਾ
ਸੁਨੇਹਾ ਤੇਰੇ ਬਾਜ ਦਾ
ਮੇਰੇ ਰੋਮ ਰੋਮ ਅੰਦਰ ਧੜਕਦੀ
ਉਡੀਕ ਸੁਹਾਉਣੀ ਘੜੀ ਦੀ
ਜਦ ਤੇਰੇ ਚਰਨ ਕਮਲਾਂ ਨੂੰ ਚੁੰਮਨੈਂ
ਸ਼ਹਾਦਤ ਦੀ ਲਹਿਰ ‘ਤੇ ਸਵਾਰ ਹੋ
ਮੇਰ ਸਾਈਂਆਂ
ਮੈਂ ਤੇਰੇ ਬਲਿਹਾਰ ਹੋ।

ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਨਿਮਿਤ

ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਨਿਮਿਤ


ਭਲੋ ਭਲੋ ਰੇ ਕੀਰਤਨੀਆ

ਆਨੰਦ ਆਨੰਦ ਆਨੰਦ

ਵਾਹੁ ਵਾਹੁ ਵਾਹੁ

ਸਚ ਕੀ ਬੇਲਾ ਸਚ ਅਲਾਵੋ
ਗਾਵੋ ਗਾਵੋ ਗਾਵੋ ਜੀ ਗਾਵੋ

ਕਿਰਤੀ ਕਰਮ ਕਮਾਂਵਦਾ
ਖਸਮ ਕੀ ਬਾਣੀ ਆਖ ਸੁਣਾਵੋ

ਸਦ ਸੁਣਦਾ ਸਦ ਵੇਖਦਾ
ਸਬਦ ਭਰਪੂਰ ਰਿਦੇ ਸਮਾਵੋ

ਤਨ ਬਿਰਹਾ ਮਨ ਬੈਰਾਗੀ
ਜੀਅ ਇਛੜਿਆ ਫਲ ਪਾਵੋ

ਸਾਜਨ ਪ੍ਰੇਮ ਸੰਦੇਸਰਾ
ਸੰਗਤ ਬੋਲ ਸੁਣਾਵੋ

ਅੰਤਰ ਤਾਰ ਤਨ ਤੰਬੂਰਾ
ਇਕ ਸੁਰ ਲਾਵੋ ਹੰਕਾਰ ਚੁਕਾਵੋ

ਸਭ ਕਾ ਮੀਤ ਸਾਜਨ ਹੈ ਸਮੀਆ
ਗੁਰੂ ਕੇ ਚਰਣ ਛੁਹਾਵੋ

ਜੋ ਅਵਤਰਿਆ ਸੋ ਬਿਨਸ ਹੈ
ਮਾਯਾ ਮੋਹ ਤਜਾਵੋ

ਕਾਯਾ ਬਿਨਸੈ ਨਾਦ ਅਮਰ ਹੈ
ਮਰਣਾ ਭਉ ਚੁਕਾਵੋ

ਗਾਵੋ ਗਾਵੋ ਗਾਵੋ ਜੀ ਗਾਵੋ
ਆਨੰਦ ਆਨੰਦ ਆਨੰਦ
ਵਾਹੁ ਵਾਹੁ
ਵਾਹੁ

ਅਮਰਜੀਤ ਚੰਦਨ
28 ਅੱਸੂ ਨਾਨਕਸ਼ਾਹੀ ਸੰਮਤ 538 ਤਦਅਨੁਸਾਰ 12 ਅਕਤੂਬਰ 2006

ਸਮ--ਭਾਈ ਬਲਦੀਪ ਸਿੰਘ ਨਿਮਿਤ

ਸਮ--ਭਾਈ ਬਲਦੀਪ ਸਿੰਘ ਨਿਮਿਤ

ਅਮਰਜੀਤ ਚੰਦਨ

ਤਾਊਸ ਤਾਰ ਨੂੰ ਛੁਹਿਆ ਗ਼ਜ਼ ਨੇ
ਮਨ ਅੰਤਰ ਮੋਰ ਕੂਕਿਆ
ਘੋੜੇ ਦੇ ਸੁੰਮ ਵੱਜੇ ਕੰਬੇ ਚੰਗਿਆੜੇ ਨਿਕਲ਼ੇ

ਪੈਰ ਰਕਾਬਾਂ ਸਾਂਭ ਕੇ ਰੱਖੇ
ਨਾਲ਼ ਹਵਾਵਾਂ ਅੱਯਾਲ਼ਾਂ ਕਰਨ ਅਦਾਵਾਂ
ਰੱਖਿਆ ਅਗਲਾ ਕ਼ਦਮ ਤਮੰਨਾ ਪਾਰ ਦੁਮੇਲਾਂ

ਜੋੜੀ ਜੋੜੀ ਸੁਰ ਅਨਾਹਦ

ਜੋੜੀ ਅਪਣੀਂ ਹੱਥੀਂ ਲਕੜੀ ਵਣ ਵਣ ਦੀ
ਕਿਰਤ ਹੱਥਾਂ ਦੀ ਸੰਦ-ਸੰਦੇੜੇ
ਬੱਕਰੇ ਖ਼ੈਰ ਮਨਾਈ ਕੀਤੀ ਉਹਦੇ ਚੰਮ ਦੀ ਜੋੜੀ

ਸਾਜ਼ ਦੀ ਤਣ ਤਣ
ਤਾਰ ਦੇ ਉੱਤੇ ਗ਼ਜ਼ ਫੇਰਿਆ
ਤਰਬਾਂ ਛਿੜੀਆਂ ਜ਼ਰਬਾਂ ਭਿੜੀਆਂ

ਤਾਰ ਦੇ ਉੱਤੇ ਗ਼ਜ਼ ਫੇਰਿਆ
ਰੱਖਿਆ ਸਿਰ ਦੇ ਉੱਤੇ ਹੱਥ ਗੁਰੂ ਨੇ

ਜੋੜੀ ਖ਼ੂਬ ਸੁਹਾਈ
ਵਾਹੁ ਵਾਹੁ ਰਿਜ਼ਕ ਦੀ ਮਹਿਮਾ
ਦਾਣਾ ਉੱਗਿਆ ਪੱਕਿਆ ਪਿਸਿਆ
ਗੁੰਨ੍ਹਿਆ ਆਟਾ ਮੁੱਖ ਛੁਹਾਇਆ ਧੰਮ ਧੰਮ ਕਰਦਾ

ਤ੍ਰਿਖਾ ਵਾਣੀ ਕਿਣਮਿਣ ਕਣੀਆਂ
ਘਨ ਘਨਾ ਘਨਘੋਰ ਬੱਦਲ਼ ਗਰਜੇ

ਸਾਹੋ ਸਾਹੀ ਵਾਹੋ ਦਾਹੀ
ਨੀਲਾ ਜਿੱਥੋਂ ਤੁਰਿਆ ਓਥੇ ਰੁਕਿਆ ਪਾਣੀ ਪੀਤਾ

ਫਿਰ ਉਸਨੇ ਸਿਰ ਰੱਖਿਆ ਅਪਣੇ ਮਾਲਿਕ ਦੀ ਹਿੱਕ ਉੱਤੇ

ਤਨ ਠਰਿਆ ਤਪ ਤਪ ਕਰਦਾ
ਮਨ ਭਰਿਆ ਜਪੁ ਜਪੁ ਕਰਦਾ


24 01 2005

Saturday, September 09, 2006

ਫੌਜਾਂ ਕੌਣ ਦੇਸ ਵਿਚੋਂ ਆਈਆਂ?

ਫੌਜਾਂ ਕੌਣ ਦੇਸ ਵਿਚੋਂ ਆਈਆਂ?

ਹਰਿਭਜਨ ਸਿੰਘ

(1)

ਫੌਜਾਂ ਕੌਣ ਦੇਸ ਤੋਂ ਆਈਆਂ?
ਕਿਹੜੇ ਦੇਸ ਤੋਂ ਕਹਿਰ ਲਿਆਈਆਂ,
ਕਿੱਥੋਂ ਜ਼ਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ
ਜਿਸ ਨੇ ਪੱਕੀਆਂ ਕੰਧਾਂ ਢਾਹੀਆਂ
ਸੱਚ ਸਰੋਵਰ ਡੱਸਿਆ
ਅੱਗਾਂ ਪੱਥਰਾਂ ਵਿਚ ਲਾਈਆਂ
ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ
ਫੌਜਾਂ ਕੌਣ ਦੇਸ ਤੋਂ ਆਈਆਂ?

(2)

ਸਿਮਰਨ ਬਾਝੋਂ ਜਾਪ ਰਿਹਾ ਸੀ
ਅਹਿਲੇ ਜਨਮ ਗਵਾਇਆ
ਕਰ ਮਤਾ ਹੈ ਆਖਰ ਉਮਰੇ
ਇਸ ਕਾਫਰ ਰੱਬ ਨੂੰ ਧਿਆਇਆ।
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ
ਜੰਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ
ਜਦ ਲੌਹੇਯਾਨ ਦੁੜਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਫੌਜਾਂ ਨੇ ਜਦ ਸੋਨਕਲਸ਼ ’ਤੇ
ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ
ਜਦ ਮੇਰੇ ਸਿਰ ਦਾ ਸਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸੱਚ ਤਖਤ ਜਿਨ੍ਹੇ ਢਾਇਆ ਸੀ
ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ
ਮੈਨੂੰ ਨਜ਼ਰੀਂ ਆਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸਤਿਗੁਰ ਇਹ ਕੀ ਕਲਾ ਵਿਖਾਈ।
ਤੂੰ ਕੀ ਭਾਣਾ ਵਰਤਾਇਆ
ਮੈਂ ਪਾਪੀ ਦੀ ਸੋਧ ਲਈ ਤੂੰ
ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।

(3)

ਸ਼ਾਮ ਪਈ ਤਾਂ ਸਤਿਗੁਰ ਬੈਠੇ
ਇਕੋ ਦੀਵਾ ਬਾਲ ਕੇ
ਪ੍ਰਕਰਮਾ ’ਚੋਂ ਜਖ਼ਮ ਬੁਲਾ ਲਏ
ਸੁੱਤੇ ਹੋਏ ਉਠਾਲ ਕੇ
ਜ਼ਹਿਰੀ ਰਾਤ ਗਜ਼ਬ ਦੀ ਕਾਲੀ
ਕਿਤੇ ਕਿਤੇ ਕੋਈ ਤਾਰਾ ਸੀ
ਭਿੰਨੜੇ ਬੋਲ ਗੁਰੂ ਜੀ ਬੋਲੇ
ਚਾਨਣ ਵਿਚ ਨੁਹਾਲ ਕੇ
ਅੱਜ ਦੀ ਰਾਤ ਕਿਸੇ ਨਹੀਂ ਸੌਣਾ
ਹਾਲੇ ਦੂਰ ਸ਼ਹੀਦੀ ਹੈ
ਅਜੇ ਤਾਂ ਸੂਰਜ ਰੌਸ਼ਨ ਕਰਨਾ
ਆਪਣੇ ਹੱਥੀਂ ਬਾਲ ਕੇ
ਨਾ ਕੋ ਬੈਰੀ ਨਾਹਿ ਬੇਗਾਨਾ
ਸਤਿਗੁਰ ਦਾ ਸਭ ਸਦਕਾ ਹੈ
(ਪਰ) ਵੇਖੋ ਜਾਬਰ ਲੈ ਨਾ ਜਾਏ
ਪਰ-ਪਰਤੀਤ ਉਧਾਲ ਕੇ