Sunday, December 31, 2006

ਸਮ--ਭਾਈ ਬਲਦੀਪ ਸਿੰਘ ਨਿਮਿਤ

ਸਮ--ਭਾਈ ਬਲਦੀਪ ਸਿੰਘ ਨਿਮਿਤ

ਅਮਰਜੀਤ ਚੰਦਨ

ਤਾਊਸ ਤਾਰ ਨੂੰ ਛੁਹਿਆ ਗ਼ਜ਼ ਨੇ
ਮਨ ਅੰਤਰ ਮੋਰ ਕੂਕਿਆ
ਘੋੜੇ ਦੇ ਸੁੰਮ ਵੱਜੇ ਕੰਬੇ ਚੰਗਿਆੜੇ ਨਿਕਲ਼ੇ

ਪੈਰ ਰਕਾਬਾਂ ਸਾਂਭ ਕੇ ਰੱਖੇ
ਨਾਲ਼ ਹਵਾਵਾਂ ਅੱਯਾਲ਼ਾਂ ਕਰਨ ਅਦਾਵਾਂ
ਰੱਖਿਆ ਅਗਲਾ ਕ਼ਦਮ ਤਮੰਨਾ ਪਾਰ ਦੁਮੇਲਾਂ

ਜੋੜੀ ਜੋੜੀ ਸੁਰ ਅਨਾਹਦ

ਜੋੜੀ ਅਪਣੀਂ ਹੱਥੀਂ ਲਕੜੀ ਵਣ ਵਣ ਦੀ
ਕਿਰਤ ਹੱਥਾਂ ਦੀ ਸੰਦ-ਸੰਦੇੜੇ
ਬੱਕਰੇ ਖ਼ੈਰ ਮਨਾਈ ਕੀਤੀ ਉਹਦੇ ਚੰਮ ਦੀ ਜੋੜੀ

ਸਾਜ਼ ਦੀ ਤਣ ਤਣ
ਤਾਰ ਦੇ ਉੱਤੇ ਗ਼ਜ਼ ਫੇਰਿਆ
ਤਰਬਾਂ ਛਿੜੀਆਂ ਜ਼ਰਬਾਂ ਭਿੜੀਆਂ

ਤਾਰ ਦੇ ਉੱਤੇ ਗ਼ਜ਼ ਫੇਰਿਆ
ਰੱਖਿਆ ਸਿਰ ਦੇ ਉੱਤੇ ਹੱਥ ਗੁਰੂ ਨੇ

ਜੋੜੀ ਖ਼ੂਬ ਸੁਹਾਈ
ਵਾਹੁ ਵਾਹੁ ਰਿਜ਼ਕ ਦੀ ਮਹਿਮਾ
ਦਾਣਾ ਉੱਗਿਆ ਪੱਕਿਆ ਪਿਸਿਆ
ਗੁੰਨ੍ਹਿਆ ਆਟਾ ਮੁੱਖ ਛੁਹਾਇਆ ਧੰਮ ਧੰਮ ਕਰਦਾ

ਤ੍ਰਿਖਾ ਵਾਣੀ ਕਿਣਮਿਣ ਕਣੀਆਂ
ਘਨ ਘਨਾ ਘਨਘੋਰ ਬੱਦਲ਼ ਗਰਜੇ

ਸਾਹੋ ਸਾਹੀ ਵਾਹੋ ਦਾਹੀ
ਨੀਲਾ ਜਿੱਥੋਂ ਤੁਰਿਆ ਓਥੇ ਰੁਕਿਆ ਪਾਣੀ ਪੀਤਾ

ਫਿਰ ਉਸਨੇ ਸਿਰ ਰੱਖਿਆ ਅਪਣੇ ਮਾਲਿਕ ਦੀ ਹਿੱਕ ਉੱਤੇ

ਤਨ ਠਰਿਆ ਤਪ ਤਪ ਕਰਦਾ
ਮਨ ਭਰਿਆ ਜਪੁ ਜਪੁ ਕਰਦਾ


24 01 2005

No comments: