Sunday, December 31, 2006

ਬਾਜ਼ ਦੀ ਆਮਦ

ਪ੍ਰਭਸ਼ਰਨਬੀਰ ਸਿੰਘ

ਇੱਕ ਬਾਜ਼ ਬੇਆਵਾਜ਼ ਆਉਂਦਾ
ਜ਼ਮੀਰ ਦੇ ਸੁੰਨ ਖਲਾਵਾਂ ਅੰਦਰ
ਅਣਖ਼ ਦੇ ਤੂਫ਼ਾਨ ਜਗਾਉਂਦਾ
ਯਾਦ ਕਰਾਉਂਦਾ
ਕਲਗ਼ੀਧਰ ਨਾਲ ਕੀਤੇ
ਕੌਲ ਕਰਾਰਾਂ ਦੀ
ਤੇ ਖ਼ਾਲਸਾ ਰੋਂਦਾ
ਰੋਂਦਾ ਆਪਣੀ ਬੇਵਫ਼ਾਈ ਉੱਤੇ
ਉਸਦੇ ਹੰਝੂਆਂ ‘ਚੋਂ
ਉਜਾਗਰ ਹੁੰਦੀ
ਨਿਹੁਹੁੰ
ਪਹੁ ਫੁੱਟਦੀ
ਕਲਗ਼ੀਧਰ ਦੇ ਪ੍ਰੇਮ ਦੀ

ਸੋਹਣਾ ਬਾਜ਼ ਲਿਆਉਂਦਾ
ਅਗਨ ਜਿਹੀ ਸ਼ਮਸ਼ੀਰ ਕੋਈ
ਜਿਹੜੀ ਤ੍ਰਿਪਤ ਕਰਦੀ
ਸੀਤਲ ਅੰੰ੍ਰਿਤ ਬਰਸਾਉਂਦੀ
ਮਨਮੁਖ ਲੋਭੀ ਨਾਗ਼ਾਂ ‘ਤੇ

ਨੂਰੀ ਤੇਗ਼ ਦੀ ਲਿਸ਼ਕ
ਖ਼ਾਲਸੇ ਦੀ ਅਣਖ਼ ਨੂੰ ਜਗਾਉਂਦੀ
ਝੁੱਲਦਾ ਕਹਿਰ ਦਾ ਤੂਫ਼ਾਨ ਕੋਈ
ਤੇ ਹੰਝੂਆ ਜਾਂਦਾ
ਹਨੇਰੇ ਦਾ ਧੁੰਦ ਗੁਬਾਰ।

ਨਿਰਮਲ ਪ੍ਰੇਮ ਦੀ ਫ਼ਜਰ ਹੁੰਦੀ
ਤੇ ਸੀਤਲ ਅੰਮ੍ਰਿਤ ਦੀ ਬਰਸਾਤ
ਸ਼ਬਦ ਉਗਮਦਾ
ਖ਼ਾਲਸਾ ਸਨਮੁੱਖ ਹੁੰਦਾ
ਅਕਾਲ ਪੁਰਖ ਸੱਚੜੇ ਦੇ।

ਮੇਰਾ ਜੀਅੜਾ ਲੋਭੀ ਕੂਕਦਾ
ਮੈਂ ਮਨਮੁੱਖ ਦੁਸਟ ਹਤਿਆਰਾ
ਤੈਨੂੰ ਹਉਂ ਆ ਵਿਸਾਰ ਕੇ
ਮੈਂ ਹੋਇਆ ਅੱਤ ਖ਼ੁਆਰ ਵੇ
ਮੈਂਨੂੰ ਬਖ਼ਸ਼ ਪਿਤਾਮਾ ਸੋਹਣਿਆਂ
ਪਾਣੀ ਤੇਗ਼ ਦੀ ਧਾਰ ਦੇ।

ਮੇਰੇ ਖ਼ੂਨ ਅੰਦਰ ਉਬਲਦਾ
ਸੁਨੇਹਾ ਤੇਰੇ ਬਾਜ ਦਾ
ਮੇਰੇ ਰੋਮ ਰੋਮ ਅੰਦਰ ਧੜਕਦੀ
ਉਡੀਕ ਸੁਹਾਉਣੀ ਘੜੀ ਦੀ
ਜਦ ਤੇਰੇ ਚਰਨ ਕਮਲਾਂ ਨੂੰ ਚੁੰਮਨੈਂ
ਸ਼ਹਾਦਤ ਦੀ ਲਹਿਰ ‘ਤੇ ਸਵਾਰ ਹੋ
ਮੇਰ ਸਾਈਂਆਂ
ਮੈਂ ਤੇਰੇ ਬਲਿਹਾਰ ਹੋ।

No comments: